ੴ ਸਤਿਗੁਰ ਪ੍ਰਸਾਦਿ
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥

ਧੰਨ ਗੁਰੂ ਨਾਨਕ

ਵਾਹਿਗੁਰੂ

ਧੰਨ ਗੁਰੂ ਨਾਨਕ

ਵਾਹਿਗੁਰੂ

FAQ - ਅਾਮ ਸੰਗਤਾਂ ਦੇ ਸਵਾਲ ਅਤੇ ਗੁਰਬਾਣੀ ਅਨੁਸਾਰ ਜਵਾਬ


ਸਿਮਰਨ ਕੀ ਹੈ ?

ਕਿਸੇ ਗੱਲ ਜਾਂ ਖਿਆਲ ਨੂੰ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ "ਅੰਤਰ-ਆਤਮੇ" ਦ੍ਰਿੜਾਉਣ ਲਈ, ਵਸਾਉਣ ਲਈ, ਰਸਾਉਣ ਲਈ, ਪ੍ਰਗਟਾਉਣ ਲਈ, ਉਸਨੂੰ ਮੁੜ-ਮੁੜ ਚੇਤੇ ਕਰਨ, ਦੁਹਰਾੳਣ, ਜਪਣ, ਰਟਨ-ਕਰਨ, ਅਭਿਆਸ-ਕਰਨ, ਕਮਾਉਣ ਦੀ ਕ੍ਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ।

ਸਿਮਰਨ ਕਿਸ ਅੱਖਰ ਜਾਂ ਮੰਤ੍ਰ ਦਾ ਕਰਨਾ ਚਾਹੀਦਾ ਹੈ?

ਜਪਨ ਲਈ ਸਿਰਫ "ਗੁਰ-ਮੰਤ੍ਰ" ਹੀ ਪ੍ਰਵਾਨ ਹੈ। ਗੁਰਮੰਤ੍ਰ ਤੋਂ ਭਾਵ ਹੈ-ਉਹ ਮੰਤ੍ਰ ਜੋ ਗੁਰੂ ਨੇ ਬਖਸ਼ਿਆ ਹੋਵੇ। ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ "ਸਬਦੁ" ਜਾਂ ਗੁਰ-ਮੰਤ੍ਰ ਦੇ ਪਿਛੇ ਗੁਰੂ ਦੀ ਮਿਹਰ ਅਤੇ ਆਤਮਿਕ ਸ਼ਕਤੀ ਛੁਪੀ ਹੋਈ ਹੁੰਦੀ ਹੈ। ਗੁਰੂ ਅਣਡਿੱਠੇ ਤਰੀਕੇ ਨਾਲ ਸਹਾਇਤਾ, ਅਗਵਾਈ, ਬਖਸ਼ਿਸ਼ ਅਤੇ ਸਫਲਤਾ ਪ੍ਰਦਾਨ ਕਰਦਾ ਹੈ। ਗੁਰ-ਮੰਤ੍ਰ ਸਿਰਫ "ਅੱਖਰ" ਹੀ ਨਹੀ ਹੁੰਦਾ, ਬਲਕਿ ਇਸਦੇ ਅੰਤ੍ਰੀਵ ਤਹਿ ਵਿੱਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ ਹੈ।

ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ ?

ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਿਉਂਕਿ ਇਸ ਵੇਲੇ ਲੋਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਨ ਵਿੱਚ ਮਾਇਕੀ ਘਚੋਲੇ ਦੀਆਂ ਲਹਿਰਾਂ ਘੱਟ ਹੁੰਦੀਆਂ ਹਨ। ਅੰਮ੍ਰਿਤ-ਵੇਲੇ ਕੁਦਰਤ ਦਾ ਵਾਯੂ-ਮੰਡਲ ਸ਼ਾਂਤ ਹੁੰਦਾਂ ਹੈ, ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉਠਕੇ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ-ਉਠਦਿਆਂ ਨਾਮ-ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਦੀਂ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਵੇਗੀ।

ਸਿਮਰਨ ਵਿੱਚ ਮਨ ਕਿਉਂ ਨਹੀਂ ਟਿਕਦਾ ?

ਸਾਡਾ ਮਨ ਬੜਾ ਚੰਚਲ ਤੇ ਲਾਈ-ਲੱਗ ਹੈ ਮਨ ਕਿਵੇਂ ਵੱਸ ਕੀਤਾ ਜਾ ਸਕਦਾ ਹੈ । ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ ਦੀ ਲੋੜ ਹੈ, ਜਿਸ ਉਤੇ ਇਹ ਮਨ ਧਿਆਨ ਧਰ ਕੇ ਆਪਣੀ ਬਿਰਤੀ-ਸੁਰਤੀ ਟਿਕਾ ਸਕੇ। ਗੁਰਮੱਤ ਅਨੁਸਾਰ ਉਹ ਨੁਕਤਾ ਗੁਰਮੰਤ੍ਰ ਅਥਵਾ *ਗੁਰ-ਸ਼ਬਦ* ਹੈ।

ਮਾਇਆ ਦਾ ਸਭ ਤੋ ਵੱਡਾ ਦੋਸ਼ ਕੀ ਹੈ ?

ਮਾਇਆ ਦਾ ਸਭ ਤੋ ਵੱਡਾ ਦੋਸ਼ ਹੈ ਕਿ ਇਹ ਮਨ ਨੂੰ ਆਪਣੇ ਚਿਲਕਵੇਂ ਤੇ ਕੁਸੰਭੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੇ"ਅਕਾਲ-ਪੁਰਖ" ਨੂੰ ਭੁਲਾ ਦਿੰਦੀ ਹੈ ਤੇ ਅਸੀਂ ਦੁੱਖ-ਸੁਖ, ਜੀਵਨ-ਮਰਣ ਦੇ ਚੱਕਰ ਵਿਚਰਦੇ ਹਾਂ, ਜਿਸਤੋਂ ਛੁਟਕਾਰਾ ਪਾਉਣਾਂ ਅਤਿ ਕਠਿਨ ਹੈ।

ਜਮਾ ਤੋ ਛੁਟਕਾਰਾ ਕਿਵੇਂ ਪਾਇਦਾ ਹੈ ?

ਅਸੀਂ ਆਪਣੇ ਕਰਮਾਂ ਅਨੁਸਾਰ ਜਮਾਂ ਦੇ ਵੱਸ ਪੈਂਦੇ ਹਾਂ ਤੇ ਜਮਾਂ ਦੀ ਸਜ਼ਾ ਭੁਗਤਦੇ ਹਾਂ। ਇਨ੍ਹਾ ਜਮਾਂ ਦੀ ਅਤਿਅੰਤ ਕਠੋਰ-ਮਾਰ ਜਾਂ ਸਜ਼ਾ ਤੋਂ ਬਚਣ ਦਾ ਇੱਕੋ-ਇੱਕ ਸੌਖਾ ਤਰੀਕਾ ਜਾਂ ਸਾਧਨ ਗੁਰਬਾਣੀ ਵਿੱਚ "ਸਿਮਰਨ" ਹੀ ਦਰਸਾਇਆ ਗਿਆ ਹੈ।
ਜਿਸ ਤੂ ਆਵਹਿ ਚਿਤ ਤਿਸੁ ਜਮ ਨਾਹਿ ਦੁਖ॥ (ਪੰਨਾਂ 960)

ਆਤਮਿਕ ਧਰਮ ਕੀ ਹੈ ?

ਇਲਾਹੀ ਪ੍ਰੇਮ-ਖਿੱਚ ਦੀ ਰਵਾਨਗੀ ਦੀ ਸਹਿਜ-ਚਾਲ ਵਿੱਚ ਸੁਰ ਹੋ ਕੇ, ਆਪਣੇ ਕੇਂਦਰ ਅਕਾਲ-ਪੁਰਖ ਵੱਲ ਖਿੱਚਿਆ ਜਾਣਾ ਹੀ ਸਾਰੇ ਜੀਵਾਂ ਦਾ ਸੱਚਾ ਆਤਮਿਕ-ਧਰਮ ਹੈ।

ਧਰਮ ਦਾ ਮੰਤਵ ਕੀ ਹੈ ?

ਸਦਾਚਾਰ ਸਿਖਾਉਣ ਲਈ, ਮੈਤਰੀ-ਭਾਵ ਵਧਾਉਣ ਲਈ, ਇੱਕ ਦੂਜੇ ਦਾ ਸਹਾਇਕ ਬਣਨ, ਇੱਕ ਦੂਜੇ ਨਾਲ ਪਿਆਰ ਕਰਨ, ਮਿਲਵਰਤਨ ਦੀ ਜਾਚ ਦੱਸਣ, ਸੇਵਾ ਕੁਰਬਾਨੀ ਦੀ ਸਿਿਖਆ ਦੇੇਣ, ਸੁਖ ਸ਼ਾਂਤੀ ਵਰਤਾਉਣ, ਸਹੀ ਮਾਨਸਿਕ ਜੀਵਨ ਸੇਧ ਦੇਣ, ਸਹੀ ਆਤਮਿਕ ਜੀਵਨ ਸੇਧ ਦੇਣ, ਆਤਮਿਕ ਗਿਆਨ ਦੀ ਸੋਝੀ ਦੇਣ, ਸਾਧ ਸੰਗਤ ਤੋਂ ਲਾਹਾ ਲੈਣ, ਸਿਮਰਨ ਦੀ ਜੁਗਤੀ ਦੱਸਣ, ਭਗਤੀ ਕਮਾਉਣ, ਜੀਵਨ ਸਫਲਾ ਕਰਨ, ਆਤਮ - ਪ੍ਰਕਾਸ਼ ਲਈ, ਆਤਮਿਕ ਕਲਿਆਣ ਵਾਸਤੇ, ਮੁਕਤੀ ਪਾਉਣ ਲਈ, ਧਰਮ ਸਾਜੇ ਅਤੇ ਬਖਸ਼ੇ ਗਏ ਹਨ।

ਧਰਮ ਨਿਜੀ ਕਿਵੇਂ ਹੈ?

ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ :
ਵੱਖ-ਵੱਖ ਸੰਸਕਾਰ
ਅੱਡ-ਅੱਡ ਕਿਸਮਤ
ਵੱਖ-ਵੱਖ ਪ੍ਰਵਾਰਕ- ਮਹੌਲ
ਭਿੰਨ-ਭਿੰਨ ਵਾਤਾਵਰਨ
ਅਲੱਗ-ਅਲੱਗ ਸ੍ਰੀਰਕ ਸਿਹਤ
ਦਰਜੇ-ਬ-ਦਰਜੇ ਲਿਆਕਤ
ਅੱਡ-ਅੱਡ ਧਰਮ
ਭਾਂਤ-ਭਾਂਤ ਦੀ ਸੰਗਤ
ਭਿੰਨ-ਭਿੰਨ ਮਾਨਸਿਕ ਬਣਤਰ ਅਤੇ
ਅਨੇਕਾਂ ਕਿਸਮਾਂ ਦੇ ਦੁਖ-ਸੁਖ ਲੈ ਕੇ, ਇਸ ਸੰਸਾਰ ਵਿੱਚ ਆਇਆ ਹੈ। ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥ (ਪੰਨਾਂ- 74)

ਪੰਜ ਵਾਸ਼ਨਾਵਾਂ ਕਿਊ ?

ਮਾਇਕੀ ਵਡ ਖੇਲ - ਤਮਾਸ਼ੇ ਨੂੰ ਦਿਲਚਸਪ ਅਤੇ ਮਨਮੋਹਣਾ ਬਣਾਉਣ ਲਈ ਪੰਜ-ਬਟਵਾਰੇ ਅਥਵਾ ਕਾਮ,ਕਰੋਧ,ਲੋਭ,ਮੋਹ,ਹੰਕਾਰ ਦੀਆਂ ਨੀਵੀਆਂ ਰੁਚੀਆਂ ਜਾਂ ਆਉਗਣਾਂ ਦਾ ਪ੍ਰਵੇਸ਼ ਹੋਇਆ ਹੈ।

ਮਨ "ਅੰਨ੍ਹਾਂ-ਬੋਲਾ" ਕਿਵੇਂ ਹੈ ?

ਮਨ ਅੰਨ੍ਹਾਂ ਇਸ ਕਰਕੇ ਹੈ ਕਿ ਇਹ ਆਪਣੇ ਅੰਦਰ ਵਸਦੀ ਆਤਮਿਕ ਜੋਤ ਨੂੰ ਵੇਖ ਨਹੀਂ ਸਕਦਾ।
ਪੰਚ ਦੂਤ ਮੁਹਹਿ ਸੰਸਾਰਾ॥
ਮਨਮੁਖ ਅੰਧੇ ਸੁਧਿ ਨਾ ਸਾਰਾ॥

"ਬੋਲਾ" ਅਥਵਾ*ਸਬਦ* ਨਾ ਸੁਣਈ : ਮਨ ਬੋਲਾ ਇਸ ਕਰਕੇ ਹੈ ਕਿ ਜੀਵ ਅੰਤ੍ਰ ਆਤਮੇ ਅਨਹਦ - ਧੁਨੀ ਨੂੰ ਸੁਣ ਨਹੀਂ ਸਕਦਾ।

ਮੈਲੇ ਮਨ ਦੀਆਂ ਨਿਸ਼ਾਨੀਆਂ ਕੀ ਹਨ?

ਮੈਲਾ ਤੇ ਘੁਮੰਡੀ ਮਨ ਸਾਨੂੰ ਆਪਣੇ ਆਉਗਣ ਮੰਨਣ ਤੋ ਹੋੜਦਾ ਹੈ। ਬਲਕਿ ਅਸੀਂ ਆਪਣੀ ਹਰ ਇੱਕ ਗਲਤੀ ਨੂੰ ਛੁਪਾਉਣ ਜਾਂ ਢਕਣ ਲਈ ਆਪਣੀ ਕੂੜੀ ਚਤੁਰਾਈ ਨਾਲ ਅਨੇਕਾਂ ਢਕੌਸਲੇ ਘੜਦੇ ਹਾਂ ਅਤੇ ਆਪਣੀਆਂ ਗਲਤੀਆਂ ਨੂੰ ਜਾਇਜ਼ ਕਰਾਰ ਦੇਣ ਲਈ ਕਈ ਬਹਾਨਿਆਂ ਜਾਂ ਹੱਥ-ਕੰਡਿਆਂ ਨਾਲ ਪੜਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ।

"ਗੁਰਪ੍ਰਸਾਦਿ" ਦਾ ਕੀ ਭਾਵ ਹੈ ?

ਗੁਰਪ੍ਰਸਾਦਿ ਦੇ ਅੱਖਰੀ ਅਰਥ ਹਨ - ਗੁਰੂ ਦੀ ਬਖਸ਼ਿਸ ਦੁਆਰਾ। ਬਖਸ਼ਿਸ਼ ਦੀ ਦਾਤ ਉਹ ਹੈ ਜਿਸ ਲਈ ਅਸੀਂ ਕੋਈ ਘਾਲਣਾ ਨਾ ਕੀਤੀ ਹੋਵੇ, ਜਿਸਤੇ ਸਾਡਾ ਕਿਸੇ ਕਿਸਮ ਦਾ ਹੱਕ ਨਾ ਹੋਵੇ, ਸਗੋਂ "ਨਿਰੋਲ" ਦਾਤੇ ਦੀ ਮਿਹਰ ਤੇ ਪਿਆਰ ਦੀ ਦੇਣ ਹੋਵੇ।

ਮਨ ਦੀ ਸ਼ਾਂਤੀ ਕਿਉਂ ਨਹੀ ?

ਹਰ ਇੱਕ ਮਨੁੱਖ ਸਾਂਤੀਪੂਰਵਕ ਸਫਲ ਜੀਵਨ ਬਿਤਾਉਣਾ ਚਾਹੁੰਦਾ ਹੈ, ਜਿਸ ਲਈ ਉਹ ਅਨੇਕਾਂ ਢੰਗਾਂ ਨਾਲ ਸੰਸਾਰਕ ਤੇ ਪ੍ਰਮਾਰਥਕ ਘਾਲਣਾ ਕਰਦਾ ਹੈ। ਪਰ *ਸਬਦੁ* ਤੋ ਬਿਨਾਂ ਮਨ ਦਾ ਟਿਕਾਉ ਜਾਂ ਸ਼ਾਂਤੀ ਨਹੀਂ ਮਿਲਦੀ ਅਤੇ ਮਨੁੱਖ ਆਪਣਾ ਹਲਤ-ਪਲਤ ਗੁਆ ਕੇ ਅੰਤ ਨੂੰ ਭਸਮੈ ਕੀ ਢੇਰੀ ਹੋ ਜਾਂਦਾ ਹੈ।
ਬਿਨ ਗੁਰ ਸਬਦੈ ਮਨ ਨਹੀਂ ਠਉਰਾ॥ (ਪੰਨਾਂ 415)

"ਸਬਦੁ" ਗੁਰੂ ਦੇ ਦਰਸ਼ਨ ਕਿਵੇਂ ਹੋਣ ?

"ਸਬ਼ਦੁ-ਰੂਪ-ਗੁਰੂ", ਜੋ ਜੁਗੋ-ਜੁਗ, ਇਕੋ-ਇਕ "ਅਵਤਾਰਾ" ਹੈ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ, ਗੁਰਬਾਣੀ ਵਿੱਚ ਸਿਰਫ "ਸਬਦੁ-ਦੀ-ਕਮਾਈ" ਅਥਵਾ ਸਬਦੁ-ਸੁਰਤ ਦੁਆਰਾ "ਨਾਮ-ਸਿਮਰਨ" ਹੀ ਦੱਸੀ ਗਈ ਹੈ।

ਗੁਰਬਾਣੀ ਪੜ੍ਹਦਿਆਂ - ਸੁਣਦਿਆਂ ਸਾਡੇ ਜੀਵਨ ਵਿੱਚ ਉਚੇਰਾ ਪ੍ਰੀਵਰਤਨ ਕਿਉਂ ਨਹੀਂ ਆਉਂਦਾਂ ?

ਇਸਦਾ ਮੁਢਲਾ ਕਾਰਨ ਇਹ ਹੈ :
1. ਸਾਨੂੰ ਗੁਰਬਾਣੀ ਦੇ ਅੰਤ੍ਰੀਵ-ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ।
2. ਗੁਰਬਾਣੀ ਦੇ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਢਾਲਦੇ ਅਥਵਾ ਉਨ੍ਹਾ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਭਾਸਦੀ।
3. ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ, ਇਸਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ।
4. ਜੇ ਅਸੀਂ ਸਿਮਰਨ ਕਰਦੇ ਭੀ ਹਾਂ ਓਪਰੇ ਜਿਹੇ ਮਨ ਨਾਲ, ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛਡਦੇ ਹਾਂ।
5. ਅਸੀਂ ਨੁਸਖਾ ਹੀ ਪੜ੍ਹੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ।

ਗੁਰਬਾਣੀ ਦੇ ਸਭ ਤੋ ਉਚੇ ਕਿਹੜੇ ੳਚੇ ਉਪਦੇਸ਼ ਤੋਂ ਅਣਗਹਿਲੀ ਕੀਤੀ ਹੋਈ ਹੈ ?

ਗੁਰਬਾਣੀ ਦੇ ਸਭ ਤੋ ਉਚੇ-ਸੁਚੇ ਤੇ ਜ਼ਰੂਰੀ ਉਪਦੇਸ਼ ਤੋਂ ਅਸੀਂ ਅਣਗਹਿਲੀ ਕੀਤੀ ਹੋਈ ਹੈ ਜਾਂ ਵਿਸਾਰਿਆ ਹੈ ਤਾਂ ਉਹ ਹੈ "ਸਿਮਰਨ":
ਸਾਧੋ ਇਹੁ ਜਗੁ ਭਰਮ ਭੁਲਾਨਾ
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ॥ (ਪੰਨਾਂ 684)

ਸੁਰਤ ਦੇ ਚਾਰ ਪੜਾਉ ਕਿਹੜੇ ਹਨ ?

1. ਜਾਗਰਤ ਅਵਸਥਾ : ਜਦ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਸ ਅਵਸਥਾ ਵਿਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ।
2. ਸੁਪਨ-ਅਵਸਥਾ : ਜਦ ਸਾਨੂੰ ਨੀਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉਤੇ ਉਘੜ ਆਉਂਦੀ ਹੈ।
3. ਸਸੋਪਤੀ ਅਵਸਥਾ: ਇਹ ਫੁਰਨਾ ਹੀਣ-ਸੁਰਤੀ ਦੀ ਸ਼ੂਨ-ਅਵਸਥਾ ਹੈ।
4. ਚੌਥਾ ਪਦ : ਇਸਨੂੰ ਆਤਮ-ਮੰਡਲ, ਤੁਰੀਆ-ਅਵਸਥਾ,ਬ੍ਰਹਮ-ਮੰਡਲ, ਪਰਮ ਪਦ, ਨਿਜ-ਘਰ, ਸਹਿਜ-ਘਰ, ਅਨਭਉ-ਨਗਰ, ਅਬਚਲ -ਨਗਰ, ਬੇਗਮ-ਪੁਰਾ ਸਚ-ਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ-ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪ੍ਰਿਮ-ਪਿਆਲੇ ਦਾ ਰੰਗ-ਰਸ ਭੁੰਚ ਕੇ ਅਲਮਸਤ ਅਤਵਾਰੇ ਹੋ ਜਾਂਦੇ ਹਨ।

ਧਰਮ ਦੀ ਮੰਜਿਲ ਕੀ ਹੈ ?

ਪ੍ਰਭੂ-ਪ੍ਰੇਮ ਵਿੱਚ ਲੀਨ ਹੋਣ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ-ਧਰਮ ਹੈ। ਪਰ ਇਹ ਮੰਜ਼ਿਲ ਗੱਲੀ-ਬਾਤੀਂ ਨਹੀਂ ਪ੍ਰਾਪਤ ਹੁੰਦੀ। ਇਸ ਪ੍ਰਾਪਤੀ ਲਈ ਮਨੁੱਖ ਨੂੰ "ਗੁਰੂ" ਦਾ ਆਸਰਾ ਲੈ ਕੇ ਅਨੇਕਾਂ ਸਿਲਸਲੇ-ਵਾਰ ਪੌੜੀਆਂ ਚੜ੍ਹਨ ਲਈ, ਸਾਰੇ ਲੋਕ ਆਪਣੇ-ਆਪਣੇ ਧਰਮ ਦੀਆਂ ਵੱਖ-ਵੱਖ ਸਾਧਨਾਵਾਂ ਅਪਣਾਉਂਦੇ ਹਨ।

Top